24/11/2025
ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਵੱਲ੍ਹਾ
ਸੰਨ 1664 ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਪਿਛੋਂ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਦਵਾਰਕਾ ਦਾਸ, ਭਾਈ ਗੜ੍ਹੀਆ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਪਹੁੰਚੇ। ਸਰੋਵਰ ਵਿਚ ਇਸ਼ਨਾਨ ਕੀਤਾ ਤਾਂ ਉਸ ਸਮੇਂ ਦੇ ਪ੍ਰਬੰਧਕ ਮੀਣੇ ਬਾਬਾ ਪ੍ਰਿਥੀ ਚੰਦ ਦਾ ਪੋਤਰਾ ਹਰਿ ਜੀ ਸੋਢੀ, ਬਾਬਾ ਬਕਾਲਾ ਵਿਖੇ ਬਾਬਾ ਧੀਰ ਮੱਲ ਦੀ ਦੁਰਦਸ਼ਾ ਹੋਈ ਵੇਖ ਚੁੱਕਾ ਸੀ। ਇਸ ਲਈ ਡਰ ਦੇ ਮਾਰੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਦਰਵਾਜੇ ਬੰਦ ਕਰਕੇ ਚਾਬੀਆਂ ਸਰੋਵਰ ਵਿਚ ਸੁੱਟ ਕੇ ਆਪਣੇ ਪਿੰਡ ਹੇਅਰ ਚਲਾ ਗਿਆ। ਗੁਰੂ ਜੀ ਬਾਹਰੋਂ ਹੀ ਮੱਥਾ ਟੇਕ ਸ੍ਰੀ ਅਕਾਲ ਸਾਹਿਬ ਦੇ ਸੱਜੇ ਹੱਥ ਇਕ ਪਾਸੇ ਇਕ ਬੇਰੀ ਦੇ ਹੇਠ ਕੁਝ ਪਲ ਬੈਠ ਕੇ ਪਿੰਡ ਵੱਲ੍ਹਾ ਵੱਲ ਚਲੇ ਗਏ।
ਨਹਿ ਮਸੰਦ ਤੁਮ ਅੰਮ੍ਰਿਤਸਰੀਏ । ਤ੍ਰਿਸ਼ਨਾਗਨਿ ਤੇ ਅੰਤਰ ਸੜੀਏ।
ਗੁਰੂ ਜੀ ਤਾਂ ਤਿਆਗ, ਉਦਾਰਤਾ ਅਤੇ ਸਹਿਜ ਦੇ ਗੁਣਾਂ ਦੇ ਮਾਲਕ ਸਨ। ਉਹਨਾਂ ਨੂੰ ਗੁਰੂ ਦਰਬਾਰ ਤੇ ਕਬਜਾ ਜਤਾਉਣ ਅਤੇ ਚੜ੍ਹਾਏ ਭੇਟਾ ਦਾ ਕੋਈ ਲਾਲਚ ਨਹੀ ਸੀ।
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥
ਪਿੰਡ ਵੱਲੇ ਪੂਰਬ ਵਾਲੇ ਪਾਸੇ ਮਾਤਾ ਹਰੋ ਜੀ ਦੇ ਘਰ ਜਾ ਉੱਤਰੇ। ਉਹਨਾਂ ਆਪ ਜੀ ਦੀ ਬਹੁਤ ਖੁਸ਼ੀ ਨਾਲ ਸੇਵਾ ਕੀਤੀ।
ਉਸ ਪਾਸੇ ਜਾ ਪੁਜਾਰੀਆਂ ਪਾਪੀਆਂ ਨੇ ਗੁਰੂ ਜੀ ਨੂੰ ਤੁਰ ਗਏ ਦੇਖਿਆ ਤਾਂ ਝੱਟ ਪੱਟ ਦਰਵਾਜੇ ਖੋਲ੍ਹ ਕੇ ਦਰਬਾਰ ਸਾਹਿਬ ਵਿਚ ਆ ਬੈਠੇ ਉਸ ਵੇਲੇ ਤੱਕ ਮੱਖਣ ਸ਼ਾਹ ਲੁਬਾਣਾ ਵੀ ਰਾਮਸਰ, ਕੌਲਸਰ, ਬਿਬੇਕਸਰ, ਸੰਤੋਖਸਰ ਤੀਰਥਾਂ ਦੇ ਇਸ਼ਨਾਨ ਕਰਕੇ ਸੀ ਦਰਬਾਰ ਸਾਹਿਬ ਆ ਗਿਆ। ਜਦ ਉਸ ਨੇ ਇਹ ਗੱਲ ਸੁਣੀ ਕਿ ਪੁਜਾਰੀਆਂ ਦੀ ਭੇੜੀ ਨੀਅਤ ਵੇਖ ਕੇ ਗੁਰੂ ਜੀ ਚਲੇ ਗਏ ਹਨ ਅਤੇ ਪੁਜਾਰੀਆਂ ਨੇ ਗੁਰੂ ਜੀ ਦੀ ਨਿਰਾਦਰੀ ਕੀਤੀ ਹੈ, ਤਾਂ ਉਹ ਬਹੁਤ ਗੁੱਸੇ ਹੋਇਆ ਪਹਿਲਾ ਤਾਂ ਉਸ ਨੇ ਚਾਹਿਆ ਕਿ ਪੁਜਾਰੀਆਂ ਦੀ ਕਰਨੀ ਦਾ ਫਲ ਦੇ ਕੇ ਇਥੋਂ ਕੱਢ ਦਿੱਤਾ ਜਾਵੇ। ਅਤੇ ਗੁਰੂ ਜੀ ਨੂੰ ਇਥੇ ਵਾਪਸ ਲੈ ਆਂਦਾ ਜਾਵੇ, ਪਰ ਫਿਰ ਜਾਣਿਆ ਕਿ ਗੁਰੂ ਜੀ ਤਾਂ ਨਿਰ-ਇਛਤ ਪੁਰਖ ਹਨ। ਉਹਨਾਂ ਦੀ ਆਗਿਆ ਤੋਂ ਬਿਨ੍ਹਾਂ ਇਸ ਤਰ੍ਹਾਂ ਕਰਨਾ ਚੰਗਾ ਕੰਮ ਨਹੀਂ। ਪੁਜਾਰੀਆਂ ਨੂੰ ਤਾੜਨਾ ਕਰਕੇ ਅਤੇ ਝਾੜਾਂ ਪਾ ਕੇ ਉਹ ਵੀ ਪਿੰਡ ਵੱਲ੍ਹੇ ਗੁਰੂ ਜੀ ਦੇ ਪਾਸ ਜਾ ਪਹੁੰਚੇ। ਰਾਤ ਨੂੰ ਜਦ ਇਹ ਖ਼ਬਰ ਸ਼ਹਿਰ ਵਿਚ ਘੁੰਮੀ ਤਾਂ ਪ੍ਰੇਮੀਆਂ ਅਤੇ ਬੀਬੀਆਂ ਮਾਈਆਂ ਨੇ ਬਹੁਤ ਪਛਤਾਵਾ ਕੀਤਾ। ਸਾਰਿਆਂ ਨੇ ਥਰ ਥਰ ਕੰਬਦੇ ਹੋਏ ਸਵੇਰੇ ਅੰਮ੍ਰਿਤ ਵੇਲੇ ਹੀ ਗੁਰੂ ਜੀ ਵੱਲ ਵਹੀਰਾਂ ਪਾ ਦਿੱਤੀਆਂ ਅਤੇ ਬੜੀ ਅਧੀਨਗੀ ਨਾਲ ਜਾ ਕੇ ਗੁਰੂ ਜੀ ਦੇ ਚਰਨ ਪਕੜ ਲਏ। ਕੁਝ ਪਦਾਰਥ ਲੈ ਜਾ ਕਰਕੇ ਗੁਰੂ ਜੀ ਅੱਗੇ ਢੇਰ ਲਾ ਦਿੱਤੇ ਅਤੇ ਬੇਨਤੀ ਕਰ ਕੇ ਗੁਨਾਹ ਬਖ਼ਸ਼ਵਾਇਆ। ਉਹਨਾਂ ਦੀ ਸ਼ਰਧਾ ਭਗਤੀ ਵੇਖ ਕੇ ਗੁਰੂ ਜੀ ਨੇ ਵਰ ਦਿੱਤਾ।
ਵੱਲ੍ਹਾ ਗੁਰੂ ਕਾ ਗੱਲਾ। ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ।
ਇਹ ਵਰ ਦੇ ਕੇ ਸਤਾਰਾਂ ਦਿਨ ਇਥੇ ਰਹੇ। ਅੰਮ੍ਰਿਤਸਰ ਦੇ ਪ੍ਰੇਮੀਆਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਲੈ ਜਾਣ ਲਈ ਬਹੁਤ ਜ਼ੋਰ ਲਾਇਆ, ਪਰ ਗੁਰੂ ਜੀ ਨਾ ਗਏ ਅਤੇ ਕਹਿਣ ਲੱਗੇ ਕਿ ਅਸੀਂ ਮੰਦਰਾਂ ਦੇ ਪੁਜਾਰੀ ਬਣ ਕੇ ਗੁਜ਼ਾਰੇ ਨਹੀਂ ਕਰਨੇ। ਇਹ ਗਿੱਦੜਾਂ ਦਾ ਕੰਮ ਹੈ, ਸ਼ੇਰਾਂ ਦਾ ਨਹੀਂ। ਕਿਸੇ ਮੂਰਤੀ, ਮੰਦਰ, ਪੋਥੀ, ਗ੍ਰੰਥ, ਦੇਵੀ-ਦੇਵਤੇ ਅੱਗੇ ਚੜ੍ਹਿਆ ਹੋਇਆ ਪਦਾਰਥ ਖਾਣਾ, ਇਸ ਦਾ ਨਾਉਂ ਪੂਜਾ ਹੈ। ਉਹ ਪੂਜਾ ਪਰਾਇਆ ਹੱਕ ਹੋ ਕੇ ਬਿਨ੍ਹਾਂ ਭਜਨ ਦੇ ਖਾਣ ਵਾਲੇ ਦੀ ਮੌਤ ਮੈਲੀ ਕਰ ਦੇਂਦੀ ਹੈ। ਜੋ ਆਪਣੀ ਕਮਾਈ ਦੀ ਮਾਇਆ ਆਪਣੇ ਅੱਗੇ ਆਈ ਹੋਈ ਛੱਕਣੀ ਛਕਾਉਣੀ ਹੈ, ਉਹ ਆਪਣਾ ਹੱਕ ਹੋਣ ਦੇ ਕਾਰਨ ਪਵਿੱਤਰ ਹੈ।