07/07/2025
‘ਪਸ਼ੂਆਂ ਦੇ ਵਪਾਰੀਆਂ ਦੀ ਗੁਪਤ ਭਾਸ਼ਾ'
ਪੱਚੀ ਸਾਲ ਪਹਿਲਾਂ ਸਾਡੀ ਸੀਮਿੰਟ ਦੀ ਦੁਕਾਨ ਹੁੰਦੀ ਸੀ, ਬਰਗਾੜੀ ਬਸ ਸਟੈਂਡ ਤੇ। ਮੈਂ ਸਕੂਲੋਂ ਆ ਕੇ ਉਥੇ ਬਹਿੰਦਾ। ਸਾਡੀ ਨਾਲ ਦੀ ਦੁਕਾਨ ਮੁਨਿਆਰੀ ਦੀ ਸੀ। ਸਾਡਾ ਗੁਆਂਢੀ ਦੁਕਾਨਦਾਰ ਮੱਝਾਂ ਗਾਂਵਾਂ ਦਾ ਵਪਾਰ ਸਾਈਡ ਬਿਜ਼ਨਸ ਦੇ ਤੌਰ ਤੇ ਕਰਦਾ ਸੀ ਤੇ ਨਾਲ ਪਸ਼ੂਆਂ ਦੀ ਦਲਾਲੀ ਵੀ ਕਰਦਾ ਸੀ। ਇਸ ਕਰਕੇ ਉਸ ਕੋਲ ਆਲੇ ਦੁਆਲੇ ਦੇ ਪਿੰਡਾਂ ਦੇ ਵਪਾਰੀ ਆਉਂਦੇ ਜਾਂਦੇ ਰਹਿੰਦੇ। ਵਿਹਲੇ ਸਮੇਂ ਉਨਾਂ ਕੋਲ ਬਹਿ ਕੇ, ਉਨਾਂ ਦੀਆਂ ਗੱਲਾਂ ਸੁਣਨੀਆਂ, ਪਰ ਅੱਧ ਪਚੱਧ ਈ ਸਮਝ ਪੈਂਦੀ, ਕਿਉਂਕਿ ਉਹ ਗੱਲਾਂ ਕਰਨ ਲੱਗੇ ਕਈ ਸ਼ਬਦ ਅਜਿਹੇ ਵਰਤਦੇ ਜੋ ਮੇਰੀ ਸਮਝ ਚ ਨਾ ਆਉਂਦੇ। ਜੇ ਉਨਾਂ ਨੂੰ ਪੁੱਛਣਾ ਤਾਂ ਉਨਾਂ ਟਾਲ ਛੱਡਣਾ.. ਜੇ ਕਿਸੇ ਸਮੇਂ ਕਿਸੇ ਦਾ ਮੂਡ ਵਧੀਆ ਹੁੰਦਾ ਤਾਂ ਦੱਸ ਵੀ ਦਿੰਦੇ। ਆਏ ਐਤਵਾਰ ਡੱਬਵਾਲੀ ਮੰਡੀ ਤੇ ਜਾਂਦੇ.. ਗੱਲਾਂ ਵੀ ਏਹੋ ਜੀਆਂ ਈ ਹੁੰਦੀਆਂ.. ਪਸ਼ੂਆਂ ਦੀਆਂ, ਮੱਝਾਂ ਗਾਵਾਂ ਦੀਆਂ, ਪੈਸਿਆਂ ਦੇ ਲੈਣ ਦੇਣ ਦੀਆਂ। ਪਰ ਮੇਰੇ ਪਿੜ ਪੱਲੇ ਅੱਧ ਵੀ ਨਾ ਪੈਂਦਾ ਕਿਉਂਕਿ ਉਹ ਆਪਣੇ ਕੋਡ ਚ ਗੱਲਾਂ ਕਰਦੇ ਜਾਂ ਕਹਿ ਸਕਦੇ ਹਾਂ, ਗੁਪਤ ਭਾਸ਼ਾ। ਖ਼ੈਰ ਮੈਂ ਕਾਫ਼ੀ ਸਮਾਂ ਸਿੱਖਦਾ ਰਿਹਾ ਉਨਾਂ ਦੀਆਂ ਗੱਲਾਂ। ਵਾਹਵਾ ਸਮਝ ਆਉਣ ਲੱਗ ਪਈ ਸੀ, ਫੇਰ ਅਸੀਂ ਸੀਮਿੰਟ ਦਾ ਕਾਰੋਬਾਰ ਛੱਡ ਦਿੱਤਾ ਤਾਂ ਉਥੇ ਬਹਿਣਾ ਛੁੱਟ ਗਿਆ।
ਪਿਛਲੇ ਦਿਨਾਂ ਚ ਪੰਜਾਬੀ ਲੇਖਕ ਸੁਆਮੀ ਸੁਖਜੀਤ ਦੀ ਕਿਤਾਬ "ਮੈਂ ਜੈਸਾ ਹੂੰ.... ਮੈਂ ਵੈਸਾ ਕਿਊਂ ਹੂੰ" ਪੜੵੀ ਤਾਂ ਉਸ ਵਿੱਚ ਮੱਝਾਂ ਦੇ ਵਪਾਰੀਆਂ ਦੀ ਗੁਪਤ ਭਾਸ਼ਾ ਦਾ ਜ਼ਿਕਰ ਆਇਆ। ਪਰ ਇਹ ਵੀ ਕੁਝ ਚੋਣਵੇ ਜਿਹੇ ਸ਼ਬਦ ਸਨ ਤਾਂ ਸੋਚਿਆ ਕਿ ਇਹ ਨਿਵੇਕਲੀ ਜਾਣਕਾਰੀ ਦੋਸਤਾਂ ਨਾਲ ਸਾਂਝੀ ਕੀਤੀ ਜਾਵੇ । ਕਿਉਂਕਿ ਮੇਰੇ ਅੰਦਾਜੇ ਮੁਤਾਬਕ ਦੋ ਤਿੰਨ ਪ੍ਰਤੀਸ਼ਤ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋਵੇਗੀ। ਨਵੀਂ ਪੀੜੵੀ ਤਾਂ ਬਿਲਕੁਲ ਹੀ ਅਣਜਾਣ।
ਮੱਝਾਂ ਦਾ ਵਪਾਰ ਚੁਸਤ ਚਲਾਕ ਬੰਦੇ ਦਾ ਕਿੱਤਾ ਹੈ, ਸਧਾਰਣ ਬੁੱਧੀ ਦਾ ਬੰਦਾ ਜੋ ਛੇਤੀ ਆਪਣੇ ਨਫ਼ੇ ਨੁਕਸਾਨ ਬਾਰੇ ਨਾ ਸੋਚ ਸਕਦਾ ਹੋਵੇ, ਉਹ ਇਸ ਕਿੱਤੇ ਚ ਕਾਮਯਾਬ ਨਹੀਂ ਹੋ ਸਕਦਾ। ਕਾਰਨ ਇਹ ਹੈ ਕਿ ਮੱਝਾਂ ਗਾਵਾਂ ਦੇ ਵਪਾਰੀ ਇੱਕ ਦੂਜੇ ਨੂੰ ਵੀ ਟੋਪੀ ਪਾਉਣ ਲੱਗੇ ਜਕਦੇ ਨਹੀਂ ਅਤੇ ਸਧਾਰਣ ਬੰਦੇ ਤਾਂ ਇਹਨਾਂ ਸਾਹਮਣੇ ਚੀਜ਼ ਹੀ ਕੀ ਹੁੰਦੇ ਹਨ। ਇਸ ਕਰਕੇ ਹੀ ਇਨਾਂ ਦੀ ਇੱਕ ਗੁਪਤ ਭਾਸ਼ਾ ਹੈ ਜੋ ਪੀੜੵੀਆਂ ਤੋਂ ਤੁਰੀ ਆਉਂਦੀ ਹੈ। ਜਿਸ ਵਿੱਚ ਇਹ ਆਪਣੇ ਕਿੱਤੇ ਦੇ ਮਾਹਰ ਬੰਦੇ ਭਾਵ ਪਸ਼ੂ ਵਪਾਰੀ ਨੂੰ 'ਸਿੱਖੂ' ਕਹਿੰਦੇ ਹਨ ਅਤੇ ਬਿਲਕੁਲ ਹੀ ਅਣਜਾਣ ਨੂੰ 'ਬੁੱਟ'। ਮੁੰਡੇ ਨੂੰ 'ਡੀਖਾ', ਕੁੜੀ ਨੂੰ ਡੀਖੀ, ਮੁਟਿਆਰ ਨੂੰ 'ਬਾਅਦਰ' ਅਤੇ ਔਰਤ ਨੂੰ 'ਭੱਖਰ'। ਬਹੁਤੇ ਚਲਾਕ ਨੂੰ 'ਕਾਂਦੂ' ਕਹਿੰਦੇ ਹਨ ਅਤੇ ਜੋ ਪਸ਼ੂਆਂ ਨੂੰ ਵੇਖ ਵੂਖ ਕੇ ਮੁੜ ਆਉਂਦਾ ਹੋਵੇ ਉਸ ਨੂੰ 'ਨਕਾਤ' ਕਹਿ ਦਿੱਤਾ ਜਾਂਦਾ। ਸੋਹਣਾ ਨੂੰ 'ਸਿਵਲਾ' ਜਾਂ 'ਸਿਵਲੀ' ਕਹਿ ਦਿੱਤਾ ਜਾਂਦਾ ਹੈ। ਜਿਵੇਂ ਕੋਈ ਸੌਦਾ ਨਾ ਬਣਨ ਤੇ ਕਿਹਾ ਜਾਂਦਾ ਹੈ ਕਿ' ਬੰਦਾ ਆਪ ਤਾਂ ਬੁੱਟ(ਸਧਾਰਣ) ਈ ਸੀ, ਪਰ ਭੱਖਰ(ਔਰਤ) ਕਾਂਦੂ(ਚਲਾਕ) ਸੀ ਪੂਰੀ, ਉਹ ਨੀਂ ਮੰਨੀ ਖੋਲਾ(ਮੱਝ) ਦੇਣ ਨੁੰ। ਘਰੇ ਡੀਖੀ (ਕੁੜੀ) ਸੀ, ਸਿਵਲੀ(ਸੋਹਣੀ) , ਉਹਦਾ ਵਿਆਹ ਧਰੀ ਬੈਠੇ... ਊਂ ਗੱਤੇ (ਨੋਟ/ਰੁਪਏ)ਨਗਦ ਚਾਹੀਦੇ ਸਧਾ(ਵੇਚ) ਦੇਣਗੇ' ਸੌਦਾ।'
ਗਿਣਤੀ ਲਈ ਤਾਂ ਬਹੁਤ ਘੱਟ ਪ੍ਰਚੱਲਿਤ ਸ਼ਬਦ ਵਰਤਦੇ ਸੀ। ਆਪਣੀ ਭਾਸ਼ਾ ਚ ਹੀ ਕਹਿੰਦੇ ਇੱਕ ਨੂੰ 'ਕੇਲ', ਦੋ ਨੂੰ 'ਜਾਜ'ਜਾਂ 'ਜੋੜ' , ਤਿੰਨ ਨੂੰ 'ਦਲਾਅ', ਚਾਰ ਨੂੰ 'ਰਵਾਅ', ਪੰਜ ਨੂੰ 'ਖਮਸ', ਛੇ ਨੂੰ 'ਰਿਸ਼ੀ', ਸੱਤ ਨੂੰ 'ਪੈਂਦ', ਅੱਠ ਨੂੰ 'ਮਾਝੀ' ਨੌਂ ਨੂੰ 'ਨੌਸਰ' ਅਤੇ ਦਸ ਨੂੰ 'ਸ਼ਰਾ'। ਜੇਕਰ ਦੋ ਸੌ ਕਹਿਣਾ ਹੋਵੇ ਤਾਂ' ਜੋੜ ਸੌ, ਤੋਂ 'ਮਾਝੀ ਸੌ' ਤੱਕ ਕਹਿ ਲਿਆ ਜਾਂਦਾ ਹੈ। ਇਵੇਂ ਹੀ ਡੇਢ ਨੂੰ' ਖੋੜੵ', ਢਾਈ ਨੂੰ 'ਢਾਕਰ' ਇੱਕ ਸੌ ਨੂੰ 'ਕੱਚੀ ਲਾਂਗ', ਪੰਜ ਸੌ ਨੂੰ 'ਖੱਮਸ', ਇੱਕ ਹਜਾਰ ਨੂੰ 'ਪੱਕੀ ਲਾਂਗ', ਵੀਹ ਨੂੰ 'ਬੋਡੀ' , ਪੱਚੀ ਸੌ ਨੂੰ 'ਬੋਡੀ ਖੱਮਸ', ਤੀਹ ਨੂੰ 'ਡਹਿੰਗਾ', ਪੰਜਾਹ ਨੂੰ ਅੱਧੀ ਲਾਂਗ' ਅਤੇ ਦਸ ਹਜਾਰ ਨੂੰ 'ਅੱਸਰ' ਕਹਿ ਦਿੱਤਾ ਜਾਂਦਾ ਹੈ।
ਕੁਝ ਹੋਰ ਸ਼ਬਦ ਹਨ ਜਿਵੇ ਸ਼ਰਾਬ ਨੂੰ' ਨੀਰਾ', ਪਾਣੀ ਨੂੰ 'ਨਨਕੂ', ਨੋਟਾਂ ਨੂੰ' 'ਗੱਤੇ' ਅਤੇ ਸ਼ਰਾਬ ਦੀ ਬੋਤਲ ਨੂੰ 'ਮੂੰਗਲੀ', ਸੰਗਲ ਨੂੰ 'ਖੜਕਣਾਂ', ਧਲਿਆਰੇ ਨੂੰ 'ਮੂਹਰੀ' ਕਿਹਾ ਜਾਂਦਾ ਹੈ। ਮੱਝ ਤੇ ਇੱਕ ਥਣ ਚ ਨੁਕਸ ਹੋਵੇ ਤਾਂ 'ਤਿੱਲ' ਕਿਹਾ ਜਾਂਦਾ ਹੈ ਅਤੇ ਜੇ ਦੋ ਥਣੀਂ ਮੱਝ ਨੂੰ ਦੁਲ਼ ਕਹਿ ਦਿੱਤਾ ਜਾਂਦਾ ਹੈ। ਮਹੀਨੇ ਨੂੰ ਵੀ ਤੀਹ ਦਿਨਾਂ ਦਾ ਹੋਣ ਕਰਕੇ 'ਡਹਿੰਗਾ' ਹੀ ਕਹਿ ਦਿੱਤਾ ਜਾਂਦਾ ਹੈ।ਪਹਿਲਾਂ ਮੱਝ ਦੀ ਸਾਈ ਸਿਰਫ਼ ਇੱਕ ਰੁਪਏ ਨਾਲ ਹੋਣ ਕਰਕੇ ਇੱਕ ਰੁਪਏ ਨੂੰ 'ਕਰਾਦਾ' ਕਿਹਾ ਜਾਂਦਾ ਹੈ।
ਇਸ ਤਰਾਂ ਹੋਰ ਵੀ ਬਹੁਤ ਸਾਰੇ ਸ਼ਬਦ ਹਨ, ਜਿਹੜੇ ਘੱਟ ਵਰਤੋਂ ਵਿੱਚ ਆਉਂਦੇ ਹਨ। ਇਸ ਗੁਪਤ ਭਾਸ਼ਾ ਦੀ ਜਿਆਦਾਤਰ ਵਰਤੋਂ ਵਪਾਰੀਆਂ ਵੱਲੋਂ ਪਸ਼ੂ ਮੰਡੀਆਂ ਵਿੱਚ ਉਦੋਂ ਕੀਤੀ ਜਾਂਦੀ ਸੀ ਜਦੋਂ ਕੋਈ ਸਧਾਰਣ ਵਿਅਕਤੀ ਕੋਲ ਖੜੵੇ ਹੋਣ। ਮੰਨ ਲਉ ਮੱਝ ਦਸ ਹਜਾਰ ਰੁਪਏ ਦੀ ਖਰੀਦਣੀ ਹੈ ਅਤੇ ਮਾਲਕ ਪੰਦਰਾਂ ਹਜਾਰ ਮੰਗਦਾ ਹੈ ਤਾਂ ਵਪਾਰੀ ਦਲਾਲ ਨੂੰ ਪੁੱਛਦਾ ਹੈ, ਬੁੱਟ ਨੂੰ ਕਹਿ 'ਘਾੜ' ਦੇ ਮਤਲਬ ਵੇਚ ਦੇ... 'ਅੱਸਰ ਤੇ ਬੋਡੀਲਾਂਗ' ਕਰਦੇ..ਜੇ ਅੜਦਾ ਤਾਂ 'ਬੋਡੀ ਖੱਮਸ' ਕਰਦੇ ਮਤਲਬ ਬਾਰਾਂ ਹਜਾਰ ਕਹਿ ਕੇ ਦੇਖ ਜੇ ਮੰਨਦਾ ਤਾਂ ਠੀਕ ਜੇ ਨਹੀਂ ਤਾਂ ਸਾਢੇ ਬਾਰਾਂ ਹਜਾਰ ਲਾ ਦੇ, ਜੇ ਲੋਟ ਲੱਗਦਾ ਤਾਂ 'ਡਹਿੰਗੇ' ਮਤਲਬ ਇੱਕ ਮਹੀਨੇ ਦਾ ਉਧਾਰ ਕਰਾਦੇ। ਤੈਨੂੰ ਉੱਤੇ 'ਕੇਲ ਮੂੰਗਲੀ ਸਾਧ ਦੂੰ' ਮਤਲਬ ਤੈਨੂੰ ਦਲਾਲੀ ਤੋਂ ਬਿਨਾਂ ਸ਼ਰਾਬ ਬੋਤਲ ਇਨਾਮ ਦੀ ਦੇ ਦੂੰ। ਪਰ ਪਤਾ ਲੱਗਾ ਹੈ ਕਿ ਹੁਣ ਨਵੀਂ ਪੀੜੵੀ ਇਸ ਕਿੱਤੇ ਚ ਆ ਜਾਣ ਕਰਕੇ ਇਸ ਭਾਸ਼ਾ ਦੀ ਵਰਤੋਂ ਬਹੁਤ ਘਟ ਗਈ ਹੈ। ਲੱਗਦਾ ਹੈ ਕਿ ਹੋਰ ਇੱਕ ਡੇਢ ਦਹਾਕੇ ਤਾਈਂ ਖਤਮ ਹੋ ਜਾਵੇਗੀ। ਮੈਨੂੰ ਲੱਗਦਾ ਹੈ ਕਿ ਇਸ ਕਿੱਤੇ ਚ ਆਏ ਨਵੇਂ ਵਿਅਕਤੀਆਂ ਨੂੰ ਇਹ ਭਾਸ਼ਾ ਸਿੱਖਣੀ ਚਾਹੀਦੀ ਹੈ ਤਾਂ ਜੋ ਇਸ ਵਪਾਰ ਦੀ ਅਹਿਮ ਪਰੰਪਰਾ ਕਾਇਮ ਰਹਿ ਸਕੇ ।