28/03/2018
ਫਿਲਮ " ਨਾਨਕ ਸ਼ਾਹ ਫ਼ਕੀਰ " ਇੱਕ ਵਾਰ ਫਿਰ ਚਰਚਾ ਵਿੱਚ ਹੈ | ਇਹ ਫਿਲਮ ਦੇਖ ਕੇ ਪਾਸ ਕਾਰਨ ਲਈ ਸਾਡੀ ਸਬ ਕਮੇਟੀ ਬਣਾਈ ਗਈ ਸੀ , ਜਿਸ ਵਿੱਚ ਮੇਰੇ ਤੋਂ ਇਲਾਵਾ ਸ੍ਰ .ਰਘੂਜੀਤ ਸਿੰਘ " ਵਿਰਕ ", ਸ੍ਰ .ਰਾਜਿੰਦਰ ਸਿੰਘ " ਮਹਿਤਾ ", ਡਾ. ਰੂਪ ਸਿੰਘ ਵੀ ਸ਼ਾਮਿਲ ਸਨ |
ਸਾਨੂੰ ਇਹ ਫਿਲਮ , ਇਸ ਫਿਲਮ ਦੇ ਪ੍ਰੋਡਿਊਸਰ ਸ੍ਰੀ ਸਿੱਕਾ ਜੀ ਦੇ ਘਰ ਦਿੱਲੀ ਵਿੱਚ ਬਣੇ ਥੀਏਟਰ ਵਿੱਚ ਵਿਖਾਈ ਗਈ ਸੀ | ਸਾਨੂੰ ਫਿਲਮ ਦਿਖਾਉਣ ਤੋਂ ਪਹਿਲਾਂ ਇਹ ਦੱਸਿਆ ਗਿਆ ਕਿ ਇਸ ਫਿਲਮ ਨੂੰ ਸਾਡੇ ਤੋਂ ਪਹਿਲਾਂ ਸ੍ਰ .ਪ੍ਰਕਾਸ਼ ਸਿੰਘ " ਬਾਦਲ " , ਸੁਖਵੀਰ ਸਿੰਘ " ਬਾਦਲ ", ਹਰਸਿਮਰਤ ਕੌਰ " ਬਾਦਲ ", ਗਿਆਨੀ ਗੁਰਬਚਨ ਸਿੰਘ ਜਥੇ : ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੋ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਬਾਬਾ ਹਰਨਾਮ ਸਿੰਘ " ਧੁੱਮਾਂ ", ਭਾਈ ਜਸਵੀਰ ਸਿੰਘ "ਰੋਡੇ "ਅਤੇ ਸ੍ਰ .ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਭੀ ਵੇਖਿਆ ਹੈ | ਉਨ੍ਹਾਂ ਸਾਰਿਆਂ ਨੇ ਹੀ ਇਸ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਹੈ | ਇਹ ਭੀ ਦੱਸਿਆ ਗਿਆ ਕਿ ਬਾਦਲ ਪਰਿਵਾਰ ਨੇ PTC ਚੈਨਲ ਤੇ ਇਸ ਫਿਲਮ ਦੀ ਫਰੀ ਮਸ਼ਹੂਰੀ ਕਰਨ ਦਾ ਭੀ ਭਰੋਸਾ ਦਿੱਤਾ ਹੈ |
ਪਰੰਤੂ ਜਦੋਂ ਅਸੀਂ ਇਹ ਫਿਲਮ ਦੇਖੀ ਸਾਨੂੰ ਇਸ ਵਿੱਚ ਬਹੁਤ ਕੁੱਝ ਇਤਰਾਜ਼ਯੋਗ ਲੱਗਾ ਜਿਵੇਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਕਿਰਦਾਰ ਆਉਂਦਾ ਹੈ , ਸਿੱਕਾ ਇਸ ਨੂੰ ਐਨੀਮੇਸ਼ਨ ਦੱਸ ਰਹੇ ਹਨ ਪਰ ਕਮੇਟੀ ਨੇ ਮਹਿਸੂਸ ਕੀਤਾ ਸੀ ਕਿ ਇਹ ਕਿਰਦਾਰ ਐਨੀਮੇਸ਼ਨ ਨਹੀਂ ਹੈ ਬਲਕਿ ਕਿਸੇ ਕਲਾਕਾਰ ਵਲੋਂ ਨਿਭਾਇਆ ਗਿਆ ਹੈ | ਇਸੇ ਤਰਾਂ ਮਾਤਾ ਤ੍ਰਿਪਤਾ ਜੀ ਦਾ ਰੋਲ, ਬੇਬੇ ਨਾਨਕੀ ਜੀ ਦਾ ਰੋਲ ਅਤੇ ਭਾਈ ਮਰਦਾਨਾਂ ਜੀ ਦਾ ਰੋਲ ਭੀ ਫ਼ਿਲਮੀ ਕਲਾਕਾਰਾਂ ਵਲੋਂ ਹੀ ਨਿਭਾਇਆ ਗਿਆ ਹੈ |ਹੋਰ ਭੀ ਬਹੁਤ ਸਾਰੇ ਇਤਰਾਜ਼ ਸਨ ਜਿਸ ਕਰਕੇ ਅਸੀਂ ਇਸ ਫਿਲਮ ਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ |
ਜਦੋਂ ਅਸੀਂ ਵਾਪਿਸ ਆਉਣ ਲੱਗੇ ਤਾਂ ਸਾਨੂੰ " ਸਿੱਕਾ " ਵਲੋਂ ਦੱਸਿਆ ਗਿਆ ਕਿ ਜਥੇ : ਗਿਆਨੀ ਗੁਰਬਚਨ ਸਿੰਘ ਨੇ ਇਸ ਫਿਲਮ ਨੂੰ ਪਾਸ ਹੀ ਨਹੀਂ ਕੀਤਾ ਸਗੋਂ ਇੱਕ ਪ੍ਰਸੰਸਾ ਪੱਤਰ ਭੀ ਜਾਰੀ ਕੀਤਾ ਹੈ | ਸਾਨੂੰ ਉਹ ਪ੍ਰਸੰਸਾ ਪੱਤਰ ਭੀ ਦਿਖਾਇਆ ਗਿਆ | ਮੈਂ ਉਸੇ ਵਕ਼ਤ ਗਿ : ਗੁਰਬਚਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਤੁਸੀਂ ਇਸ ਫਿਲਮ ਨੂੰ ਸਹੀ ਮੰਨ ਕੇ ਪ੍ਰਸੰਸਾ ਪੱਤਰ ਭੀ ਜਾਰੀ ਕਰ ਚੁੱਕੇ ਹੋ ਫਿਰ ਅਸੀਂ ਕਾਹਦੀ ਰਿਪੋਰਟ ਕਰੀਏ ? ਉਹ ਕਹਿਣ ਲੱਗੇ ਕਿ ਮੈਂ ਤਾਂ ਇਨ੍ਹਾਂ ਦੇ ਕੰਮ ਦੀ ਹੀ ਪ੍ਰਸੰਸਾ ਕੀਤੀ ਹੈ , ਫਿਲਮ ਦੀ ਨਹੀਂ | ਮੈਂ ਫਿਰ ਪੁੱਛਿਆ ਕਿ ਫਿਲਮ ਤੋਂ ਇਲਾਵਾ ਤਾਂ ਇਨ੍ਹਾਂ ਹੋਰ ਕੋਈ ਪੰਥਕ ਕੰਮ ਕੀਤਾ ਹੀ ਨਹੀਂ ਤਾਂ ਉਹ ਕੁੱਝ ਨਾਂ ਬੋਲੇ |
ਕੁੱਝ ਸਮੇ ਬਾਅਦ, ਸ੍ਰੀ ਅੰਮ੍ਰਿਤਸਰ ਸਾਹਿਬ , ਮੱਕੜ ਸਾਹਿਬ ਕਹਿਣ ਲੱਗੇ ਕਿ ਉਹ ਫਿਲਮ ਦੁਬਾਰਾ ਦੇਖ ਕੇ ਆਉਣੀ ਹੈ ਅਤੇ ਪਾਸ ਭੀ ਕਰਨੀ ਹੈ| ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਪਾਸ ਕਰ ਚੁੱਕਾ ਹੈ ਫਿਰ ਹੋਰ ਕਿਸੇ ਨੂੰ ਭੇਜਣ ਦੀ ਕੀ ਲੋੜ ਹੈ ?
ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਪਾਬੰਦੀ ਦੇ ਵਾਵਜੂਦ ਅਜਿਹੀਆਂ ਫ਼ਿਲਮਾਂ ਦਾ ਚਲਣ ਗੰਭੀਰ ਪੰਥਕ ਮਸਲਾ ਹੈ | ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ |
ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ " ਭੌਰ "